ਨਵਾਂਸ਼ਹਿਰ 3 ਫਰਵਰੀ :- ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼(ਇਫਟੂ) ਦਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਦਾ ਡੈਲੀਗੇਟ ਇਜਲਾਸ 20 ਫਰਵਰੀ ਨੂੰ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ ਨਵਾਂਸ਼ਹਿਰ ਵਿਖੇ ਕੀਤਾ ਜਾਵੇਗਾ।ਇਸ ਸਬੰਧੀ ਇਫਟੂ ਦੀ ਜਿਲਾ ਕਮੇਟੀ ਦੀ ਮੀਟਿੰਗ ਸੂਬਾਈ ਸਹਾਇਕ ਸਕੱਤਰ ਅਵਤਾਰ ਸਿੰਘ ਤਾਰੀ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਫਟੂ ਪੰਜਾਬ ਦੇ ਸੂਬਾਈ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਨੇ ਕਿਹਾ ਕਿ ਮਜਦੂਰ ਜਮਾਤ ਦੇ ਹਿੱਤਾਂ ਉੱਤੇ ਚੌਤਰਫਾ ਹਮਲੇ ਹੋ ਰਹੇ ਹਨ। ਜਿਸ ਵਿੱਚ ਮੋਦੀ ਸਰਕਾਰ ਵੱਲੋਂ ਮਜਦੂਰ ਜਮਾਤ ਦੇ ਸੰਘਰਸ਼ ਕਰਕੇ ਪ੍ਰਾਪਤ ਕੀਤੇ 29 ਕਿਰਤ ਕਾਨੂੰਨ ਕੂੜੇਦਾਨ ਵਿੱਚ ਸੁੱਟਕੇ ਉਹਨਾਂ ਦੀ ਥਾਂ ਮਜਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਚਾਰ ਕਿਰਤ ਕੋਡ ਲਿਆਉਣ ਦਾ ਅਮਲ ਸ਼ਾਮਲ ਹੈ।ਇਸ ਪ੍ਰਕਾਰ ਇਹ ਭਾਰਤੀ ਲੋਕਾਂ ਅਤੇ ਮਜਦੂਰ ਜਮਾਤ ਲਈ ਚਣੌਤੀਆਂ ਦਾ ਸਮਾਂ ਹੈ।ਇਹਨਾਂ ਚਣੌਤੀਆਂ ਦਾ ਸਾਹਮਣਾ ਕਰਨ ਲਈ ਕਿਰਤੀਆਂ ਨੂੰ ਜਥੇਬੰਦ ਕਰਨ,ਅਧਿਕਾਰਾਂ ਨੂੰ ਮੁੜ ਪ੍ਰਾਪਤ ਕਰਨ ਅਤੇ ਕਿਰਤੀਆਂ ਨੂੰ ਆਪਣੀ ਇਤਿਹਾਸਕ ਭੂਮਿਕਾ ਨਿਭਾਉਣ ਲਈ ਤਿਆਰ ਹੋਣਾ ਪਵੇਗਾ।ਅੱਜ ਭਾਰਤ ਦੇ ਮਜਦੂਰ ਵਰਗ ਦੀ ਸਭ ਤੋਂ ਤਿੱਖੀ ਵਿਸ਼ੇਸ਼ਤਾ ਸਾਰੇ ਖੇਤਰਾਂ ਵਿੱਚ ਅਸਥਾਈ ਨੌਕਰੀਆਂ ਦੀ ਹੈ ਅਤੇ ਇਹ ਮੁੱਖ ਰੁਝਾਨ ਹੈ। ਪੂਰੇ ਖੇਤਰਾਂ ਅਤੇ ਵਿਭਾਗਾਂ ਨੂੰ ਠੇਕਾ, ਕੈਜੂਅਲ, ਡੇਲੀਵੇਜ, ਨਿਸਚਿਤ ਸਮਾਂ ਜਾਂ ਆਊਟਸੋਰਸਿੰਗ ਮਜਦੂਰਾਂ ਦੁਆਰਾ ਚਲਾਇਆ ਜਾਂਦਾ ਹੈ ਜਿਸਦੇ ਸਿੱਟੇ ਵੱਜੋਂ ਉਜਰਤਾਂ ਘਟੀਆਂ ਹਨ। ਬੋਨਸ ਅਤੇ ਭੱਤੇ ਘੱਟ ਅਤੇ ਘੱਟ ਗਿਣਤੀ ਨੂੰ ਮਿਲ ਰਹੇ ਹਨ। ਉਹਨਾਂ ਕਿਹਾ ਕਿ ਕੰਮ ਦੀਆਂ ਥਾਵਾਂ ਉੱਤੇ ਅਸੁਰੱਖਿਅਤ ਮਹੌਲ ਕਾਰਨ ਦੁਰਘਟਨਾਵਾਂ ਵਧੀਆਂ ਹਨ ਜਿਸ ਕਾਰਨ ਮਜਦੂਰ ਕਾਫੀ ਗਿਣਤੀ ਵਿੱਚ ਆਪਣੀਆਂ ਜਾਨਾਂ ਗੁਆ ਰਹੇ ਹਨ। ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਖੇਤਰ(ਬੀ ਓ ਸੀ)ਵਿੱਚ ਹਾਲੇ ਵੀ ਮਜਦੂਰਾਂ ਦੀ ਵੱਡੀ ਗਿਣਤੀ ਹੈ ਜਿੱਥੇ ਭਾਰਤ ਸਰਕਾਰ ਚਾਰ ਲੇਬਰ ਕੋਡ ਲਾਗੂ ਕਰਨ ਦੀ ਤਿਆਰੀ ਵਿੱਚ ਹੈ।
ਇਫਟੂ ਆਗੂ ਨੇ ਕਿਹਾ ਕਿ ਜਿਲਾ ਇਜਲਾਸ ਵਿੱਚ ਰੇਹੜੀ ਵਰਕਰ ਯੁਨੀਅਨ, ਪ੍ਰਵਾਸੀ ਮਜਦੂਰ ਯੂਨੀਅਨ, ਭੱਠਾ ਵਰਕਰਜ਼ ਯੂਨੀਅਨ, ਉਸਾਰੀ ਮਿਸਤਰੀ ਮਜਦੂਰ ਯੁਨੀਅਨ ਅਤੇ ਆਟੋ ਵਰਕਰਜ਼ ਯੁਨੀਅਨ ਦੇ ਡੈਲੀਗੇਟ ਭਾਗ ਲੈਣਗੇ ਜਿਸ ਵਿੱਚ ਬੀਤੇ ਦਾ ਰੀਵਿਊ ਕਰਨ , ਭਵਿਖ ਲਈ ਕਾਰਜ ਮਿੱਥਕੇ ਨਵੀਂ ਜਿਲਾ ਕਮੇਟੀ ਦੀ ਚੋਣ ਕੀਤੀ ਜਾਵੇਗੀ।ਅੱਜ ਦੀ ਮੀਟਿੰਗ ਵਿੱਚ ਜਸਬੀਰ ਦੀਪ, ਗੁਰਦਿਆਲ ਰੱਕੜ, ਨਿਰਮਲ ਸਿੰਘ ਜੰਡੀ, ਪ੍ਰਵੀਨ ਕੁਮਾਰ ਨਿਰਾਲਾ, ਹਰੇ ਰਾਮ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ।
ਕੈਪਸ਼ਨ : ਇਫਟੂ ਦੀ ਮੀਟਿੰਗ ਵਿੱਚ ਸ਼ਾਮਲ ਸੂਬਾ ਪ੍ਰਧਾਨ ਅਤੇ ਜਿਲਾ ਆਗੂ।