ਨਵਾਂਸ਼ਹਿਰ 14 ਫਰਵਰੀ :- ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ ) ਪੰਜਾਬ ਨੇ ਕਿਰਤ ਮੰਤਰੀ ਪੰਜਾਬ ਅਨਮੋਲ ਗਗਨ ਮਾਨ ਵਲੋਂ ਇਫਟੂ ਨਾਲ 13 ਫਰਵਰੀ ਦੀ ਤੈਅ ਕੀਤੀ ਪੈਨਲ ਮੀਟਿੰਗ ਪੋਸਟਪੋਨ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇਫਟੂ ਪੰਜਾਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ਪ੍ਰੈਸ ਸਕੱਤਰ ਜਸਬੀਰ ਦੀਪ ਨੇ ਦੱਸਿਆ ਕਿ ਇਸ ਮੀਟਿੰਗ ਦਾ ਲਿਖਤੀ ਸੱਦਾ ਪੱਤਰ ਸਕੱਤਰ ਕਿਰਤ ਵਿਭਾਗ ਪੰਜਾਬ ਵੱਲੋਂ ਦਿੱਤਾ ਗਿਆ ਸੀ ਜੋ 13 ਫਰਵਰੀ ਨੂੰ ਬਾਅਦ ਦੁਪਹਿਰ2 ਵਜੇ ਕਿਰਤ ਭਵਨ ਮੁਹਾਲੀ ਵਿਖੇ ਹੋਣੀ ਸੀ।ਇਫਟੂ ਦੀ ਸੂਬਾ ਕਮੇਟੀ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਮੁਹਾਲੀ ਜਾ ਰਹੀ ਸੀ ਕਿ ਰਸਤੇ ਵਿੱਚ ਮੰਤਰੀ ਦੇ ਪੀ.ਏ ਦਾ ਫੋਨ ਆਇਆ ਕਿ ਇਹ ਮੀਟਿੰਗ ਵਿਸ਼ੇਸ਼ ਕਾਰਨਾਂ ਕਰਕੇ ਅੱਗੇ ਪਾ ਦਿੱਤੀ ਗਈ ਹੈ ਮੀਟਿੰਗ ਦੀ ਅਗਲੀ ਮਿਤੀ ਬਾਰੇ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ।ਉਹਨਾਂ ਦੱਸਿਆ ਕਿ ਇਸਤੋਂ ਪਹਿਲਾਂ ਵੀ ਕਿਰਤ ਮੰਤਰੀ ਨੇ 21 ਨਵੰਬਰ 2022 ਦੀ ਇਫਟੂ ਨਾਲ ਮੀਟਿੰਗ ਤੈਅ ਕੀਤੀ ਸੀ ਇਸ ਮੀਟਿੰਗ ਨੂੰ ਵੀ ਪਹਿਲਾਂ ਮੰਤਰੀ ਵੱਲੋਂ ਪੋਸਟਪੋਨ ਕੀਤਾ ਜਾ ਚੁੱਕਾ ਹੈ।ਇਫਟੂ ਦੀ ਸੂਬਾ ਕਮੇਟੀ ਸਮਝਦੀ ਹੈ ਕਿ ਕਿਰਤ ਮੰਤਰੀ ਵੱਲੋਂ ਵਾਰ ਵਾਰ ਮੀਟਿੰਗਾਂ ਨੂੰ ਅੱਗੇ ਪਾਉਣਾ ਦਰਸਾਉਂਦਾ ਹੈ ਕਿ ਕਿਰਤ ਮੰਤਰੀ ਕਿਰਤੀਆਂ ਦੇ ਮਸਲਿਆਂ ਉੱਤੇ ਚਰਚਾ ਕਰਨ ਲਈ ਗੰਭੀਰ ਨਹੀਂ ਹਨ।ਜੇਕਰ ਕਿਰਤ ਮੰਤਰੀ ਵੱਲੋਂ ਨੇੜ ਭਵਿੱਖ ਵਿੱਚ ਛੇਤੀਂ ਕੋਈ ਮੀਟਿੰਗ ਤੈਅ ਨਹੀਂ ਕਰਦੇ ਤਾਂ ਇਫਟੂ ਵੱਲੋਂ ਮੰਤਰੀਬ ਖਿਲਾਫ਼ ਕੋਈ ਸਖਤ ਪ੍ਰੋਗਰਾਮ ਉਲੀਕਿਆ ਜਾਵੇਗਾ।
ਕੈਪਸ਼ਨ : ਕਿਰਤ ਭਵਨ ਮੁਹਾਲੀ ਵਿਖੇ ਇਫਟੂ ਪੰਜਾਬ ਦੀ ਸੂਬਾ ਕਮੇਟੀ।